ਪਟਿਆਲਾ: 8 ਮਾਰਚ, 2021
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ‘ਦਿ ਇੰਸਟੀਚਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ’, ਪਟਿਆਲਾ ਚੈਪਟਰ ਅਤੇ ਕਾਲਜ ਦੇ ਐਨ.ਐਸ.ਐਸ. ਵਿਭਾਗ ਅਤੇ ਜਨਰਲ ਸਟੱਡੀਜ਼ ਸਰਕਲ ਵੱਲੋਂ ਸਾਂਝੇ ਤੌਰ ‘ਤੇ ‘ਅੰਤਰਰਾਸਟਰੀ ਮਹਿਲਾ ਦਿਵਸ’ ਮਨਾਇਆ ਗਿਆ। ਵੱਖ-ਵੱਖ ਸਮਾਗਮਾਂ ਦੀ ਲੜੀ ਤਹਿਤ ਇਹ ਦਿਨ ਇਸ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਲਈ ਚੁਣੇ ਗਏ ਥੀਮ ‘ਵਿਮੈਨ ਇੰਨ ਲੀਡਰਸ਼ਿਪ: ਅਚਿਵਿੰਗ ਐਨ ਇਕਵਲ ਫਿਊਚਰ ਇੰਨ ਏ ਕੋਵਿਡ-19 ਵਰਲਡ’ ਉੱਤੇ ਆਧਾਰਿਤ ਸੀ, ਜਿਸ ਨੇ ਸਮਕਾਲੀ ਚੁਣੌਤੀਆਂ ਦੇ ਪ੍ਰਸੰਗ ਵਿੱਚ ਔਰਤ ਸ਼ਕਤੀਕਰਨ ਦੇ ਵੱਖ-ਵੱਖ ਪੱਖਾਂ ਨੂੰ ਛੋਹਿਆ ਹੈ। ਇਸ ਮੌਕੇ ਮੁੱਖ ਵਕਤਾ ਵਜੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵਿਭਾਗ ਤੋਂ ਡਾ. ਰਤਿੰਦਰ ਕੌਰ ਅਤੇ ਸੀ.ਐਸ. ਜਸਪ੍ਰੀਤ ਕੌਰ ਧੰਜਲ ਨੇ ਸ਼ਮੂਲੀਅਤ ਕੀਤੀ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਦਿਹਾੜੇ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਅਤੇ ਸਮਾਗਮ ਚ ਪੁੱਜੇ ਸਾਰੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਉਨ੍ਹਾਂ ਪ੍ਰਸਿੱਧ ਚਿੱਤਰਕਾਰ ਅਮ੍ਰਿੰਤਾ ਸ਼ੇਰਗਿੱਲ ਦੁਆਰਾ ਚਿੱਤਰੇ ਅਣਵੰਡੇ ਪੰਜਾਬ ਦੀਆਂ ਤਿੰਨ ਸੁਆਣੀਆਂ ਦੇ ਕੈਨਵਸ ਨੂੰ ਆਧਾਰ ਬਣਾਉਂਦੇ ਹੋਏ ਕਿਹਾ ਕਿ ਇਤਿਹਾਸ ਦੇ ਪੰਨਿਆਂ ਉੱਤੇ ਦਰਜ ਔਰਤ ਦੇ ਬਿੰਬ ਨੂੰ ਸਮਕਾਲੀ ਚੁਣੌਤੀਆਂ ਦੇ ਹਾਣ ਦੀ ਦ੍ਰਿਸ਼ਟੀ ਮੁਤਾਬਿਕ ਮੁੜ ਘੜਣ ਦੀ ਲੋੜ ਹੈ। ਉਨ੍ਹਾਂ ਵਿਨੀ ਮਹਾਜਨ, ਇੰਦਰਾ ਨੂਰੀ, ਰਾਣੀ ਲਕਸ਼ਮੀ ਬਾਈ, ਕਸਤੂਰਬਾ ਗਾਂਧੀ ਦੇ ਹਵਾਲੇ ਨਾਲ ਇਤਿਹਾਸ ਦੀ ਔਰਤ ਸ਼ਕਤੀਕਰਨ ਦੀ ਪਰੰਪਰਾ ਨੂੰ ਵਰਤਮਾਨ ਸਮੇਂ ਵਿੱਚ ਦਿਸ਼ਾ ਰਵੀ, ਨੌਦੀਪ ਕੌਰ, ਗ੍ਰੇਟਾ ਥੰਨਬਰਗ ਤੇ ਮਲਾਲਾ ਯੂਸਫਜਈ ਵਰਗੀਆਂ ਬੇਧੜਕ, ਨਿਝੱਕ ਔਰਤ ਕਿਰਦਾਰਾਂ ਨੂੰ ਇਸੇ ਦੀ ਨਿਰੰਤਰਤਾ ਵਿੱਚ ਦੇਖਣ ਲਈ ਨਵੀਂ ਦ੍ਰਿਸ਼ਟੀ ਅਪਣਾਉਣ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਇਸ ਪੱਖੋਂ ਸੁਚੇਤ ਹੋਣ ਦੀ ਵੀ ਲੋੜ ਹੈ ਕਿ ਕਿਤੇ ਕੇਵਲ ਔਰਤ ਅਧਿਕਾਰਾਂ ਦੀ ਗੱਲ ਔਰਤ ਆਸਤਿਤਵ ਨੂੰ ਮਨੁੱਖੀ ਹੋਂਦ ਦੇ ਕਲਾਵੇ ਚੋਂ ਬਾਹਰ ਨਾ ਕੱਢ ਦੇਵੇ।
ਮੁੱਖ ਵਕਤਾ ਡਾ. ਰਤਿੰਦਰ ਕੌਰ ਨੇ ‘ਫਾਇਨੈਂਸ਼ੀਅਲ ਫ੍ਰੀਡਮ ਆਫ਼ ਵਿਮੈਨ’ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਸਮੇਂ ਕੇਵਲ ਮਹਿਲਾ ਦਿਵਸ ਮਨਾਉਣਾ ਹੀ ਕਾਫੀ ਨਹੀਂ ਸਗੋਂ ਔਰਤ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਰਤਨ ਤੋਂ ਰੋਕਣ ਲਈ ਇੱਕ ਵੱਖਰੇ ਮੁਹਿੰਮ ਵੀ ਚਲਾਉਣੀ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਔਰਤ ਦੀ ਜਿੰਨੀ ਸਮਾਜਿਕ ਸੁਰੱਖਿਆ ਜ਼ਰੂਰੀ ਹੈ, ਉਨੀ ਹੀ ਆਰਥਿਕ ਸੁਤੰਤਰਤਾ ਵੀ ਜ਼ਰੂਰੀ ਹੈ। ਮਹਿਜ਼ ਡਿਗਰੀਆਂ ਪ੍ਰਾਪਤ ਕਰ ਲੈਣਾ ਹੀ ਸਿੱਖਿਆ ਨਹੀਂ ਸਗੋਂ ਔਰਤ ਦੇ ਚੇਤਨਾ ਦੇ ਪੱਧਰ ਦਾ ਵਿਸਥਾਰ ਵੀ ਜ਼ਰੂਰੀ ਹੈ, ਜਿਸ ਜ਼ਰੀਏ ਔਰਤ ਨੇ ਆਪਣੇ ਸਮੇਂ ਦੀਆਂ ਚੁਣੌਤੀਆਂ ਅਤੇ ਭਵਿੱਖਮੁਖੀ ਟੀਚਿਆਂ ਨੂੰ ਸਰ ਕਰਨਾ ਹੈ। ਉਨ੍ਹਾਂ ਹਿੰਦੀ ਕਵੀ ਮਨੂੰ ਭਟਨਾਗਰ ਦੀ ਕਵਿਤਾ ਦੇ ਹਵਾਲੇ ਨਾਲ ਔਰਤ ਵੱਕਾਰ ਦੇ ਵੱਖ-ਵੱਖ ਪਹਿਲੂਆਂ ਤੇ ਰੌਸ਼ਨੀ ਪਾਈ।
ਸੀ.ਐਸ. ਜਸਪ੍ਰੀਤ ਕੌਰ ਧੰਜਲ ਨੇ ‘ਵਿਮੈਨ ਇੰਨ ਲੀਡਰਸ਼ਿਪ: ਐਚਿਵਿੰਗ ਐਨ ਇਕਵਲ ਫਿਊਚਰ ਇੰਨ ਏ ਕੋਵਿਡ-19 ਵਰਲਡ’ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਿਊਜ਼ੀਲੈਂਡ ਵਰਗੇ ਕਈ ਮੁਲਕਾਂ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ ਕਿ ਕਿਵੇਂ ਕੋਵਿਡ ਦੌਰਾਨ ਪੈਦਾ ਹੋਈਆਂ ਸੰਕਟਕਾਲੀ ਸਥਿਤੀਆਂ ਨਾਲ ਨਜਿੱਠਨ ਲਈ ਔਰਤ ਨੇ ਆਪਣੇ ਚ ਲੀਡਰਸ਼ਿਪ ਦੇ ਗੁਣਾਂ ਦਾ ਸਬੂਤ ਦਿੰਦੇ ਹੋਏ ਸਮਾਜਿਕ ਪੱਧਰ ਤੇ ਉਸ ਨਾਲ ਕੀਤੇ ਜਾਂਦੇ ਲਿੰਗਕ ਵਖਰੇਵੇਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ।
ਇਸ ਤੋਂ ਪੂਰਵ ਵਕਤਾ ਤੇ ਵਿਸ਼ੇ ਨਾਲ ਰਸਮੀ ਜਾਣ-ਪਹਿਚਾਣ ਦਾ ਕਾਰਜ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਹਰਮੋਹਨ ਸ਼ਰਮਾ, ਸੀ.ਐਸ. ਖਮਿੰਦਰ ਸ਼ਰਮਾ, ਸੀ.ਏ. ਡੇਜ਼ੀ ਗੁਪਤਾ ਅਤੇ ਸੀ.ਐਮ.ਏ. ਮੋਨਿਕਾ ਕਾਂਸਲ ਨੇ ਕੀਤਾ। ਇਸ ਮੌਕੇ ਉੱਤੇ ਔਰਤ ਦਿਵਸ ਨੂੰ ਸਮਰਪਿਤ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਇੱਕ ਲੇਖ ਲਿਖਣ ਮੁਕਾਬਲੇ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ 35 ਵਿਦਿਆਰਥੀਆਂ ਨੇ ‘ਵਿਮੈਨ ਇੰਪਾਵਰਮੈਂਟ ਇੰਨਡਿਸਪੈਂਸਿਵਲ ਇੰਨ ਸੋਸ਼ਲ ਡਿਵੈਲਪਮੈਂਟ, ਜਰਨੀ ਫਰਾਮ ਗਰਲ ਟੂ ਮਦਰਹੁੱਡ ਇੰਨ ਇੰਡੀਆ’, ‘ਇਕਨਾਮਿਕ ਕੰਟਰੀਬਿਊਸ਼ਨ ਆਫ਼ ਵਿਮੈਨ ਇਨ ਇੰਡੀਅਨ ਸੋਸਾਇਟੀ’, ‘ਪ੍ਰੋਫੈਸ਼ਨਲ ਐਂਡ ਸੋਸ਼ਲ ਇਸ਼ੂਜ਼ ਆਫ਼ ਇੰਡੀਅਨ ਵਿਮੈਨ’ ਵਿਸ਼ਿਆਂ ਉੱਤੇ ਲੇਖ ਰਚਨਾ ਕੀਤੀ। ਇਸ ਮੁਕਾਬਲੇ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਪਹਿਲਾ ਸਥਾਨ ਸ਼ਿਵਾਨੀ ਗੋਇਲ ਤੇ ਦੂਜਾ ਸਥਾਨ ਗੁਰਲੀਨ ਮਛਾਲ ਨੇ ਹਾਸਲ ਕੀਤਾ। ਹਿੰਦੀ ਭਾਸ਼ਾ ਵਿੱਚੋਂ ਪਹਿਲੇ ਨੰਬਰ ਤੇ ਮਹਿਕਪ੍ਰੀਤ ਕੌਰ ਅਤੇ ਦੂਜੇ ਨੰਬਰ ਉੱਤੇ ਨਿਸ਼ਾ ਰਹੇ। ਪੰਜਾਬੀ ਭਾਸ਼ਾ ਵਿੱਚੋਂ ਪਹਿਲੇ ਸਥਾਨ ਤੇ ਰਮਣੀਕ ਕੌਰ ਅਤੇ ਦੂਜੇ ਸਥਾਨ ਤੇ ਸਕੀਨਾ ਰਹੇ, ਜਦੋਂ ਕਿ ਦਿਲਪ੍ਰੀਤ ਸਿੰਘ ਨੂੰ ਹੌਂਸਲਾ ਵਧਾਊ ਇਨਾਮ ਦਿੱਤਾ ਗਿਆ। ਇਸ ਸਮੇਂ ਜੱਜਾਂ ਦੀ ਭੂਮਿਕਾ ਡਾ. ਰੁਪਿੰਦਰ ਸ਼ਰਮਾ ਅਤੇ ਡਾ. ਰੁਪਿੰਦਰ ਸਿੰਘ ਨੇ ਨਿਭਾਈ।
ਇਸੇ ਦਿਨ ਨੂੰ ਸਮਰਪਿਤ ਪੋਸਟ-ਗ੍ਰੈਜੂਏਟ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਤਕਨੀਕੀ ਅਤੇ ਪੇਸ਼ੇਵਰ ਰੁਚੀਆਂ ਦੇ ਵਿਕਾਸ ਲਈ ‘ਸਾੜੀ ਡਰੇਪਿੰਗ ਇੰਨ ਕੰਟਰੈਪਰੇਰੀ ਸਟਾਈਲ’ ਵਿਸ਼ੇ ਉੱਤੇ ਆਧਾਰਿਤ ਮੁਕਾਬਲਾ ਕਰਵਾਇਆ ਗਿਆ, ਜਦੋਂ ਕਿ ਦੂਜੇ ਮੁਕਾਬਲੇ ‘ਦਿ ਟਰੰਕ ਸ਼ੋਅ’ ਦੇ ਰਾਹੀਂ ਵਿਦਿਆਰਥੀਆਂ ਦੁਆਰਾ ਪ੍ਰਾਪਤ ਫੈਸ਼ਨ ਤਕਨੀਕ ਦੀ ਸਿੱਖਿਆ ਤੇ ਹੁਨਰ ਦਾ ਪ੍ਰਗਟਾਵਾ ਕਰਨ ਲਈ ਇੱਕ ਮੰਚ ਪ੍ਰਦਾਨ ਕੀਤਾ ਗਿਆ। ਇਸ ਸਮੇਂ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਤੋਂ ਇਲਾਵਾ ਸਾਬਕਾ ਉਪ-ਪ੍ਰਿੰਸੀਪਲ ਡਾ. ਬਲਜਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਵਿਭਾਗ ਮੁਖੀ ਡਾ. ਵੀਨੂ ਜੈਨ ਅਨੁਸਾਰ ਇਸ ਮੁਕਾਬਲੇ ਵਿੱਚ ਲਗਭਗ 40 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਟਰੰਕ ਸ਼ੋਅ ਵਿੱਚ ਪਹਿਲਾ ਸਥਾਨ ਜਸਨੀਰ ਕੌਰ ਅਤੇ ਮੇਘਾ, ਦੂਜਾ ਸਥਾਨ ਸ਼ਰੂਤੀ ਅਤੇ ਰਾਹੂਲ ਅਤੇ ਤੀਜਾ ਸਥਾਨ ਗੁਰਲੀਨ ਕੌਰ ਅਤੇ ਜੋਤੀ ਚੌਧਰੀ ਨੇ ਹਾਸਲ ਕੀਤਾ। ਸਾੜੀ ਡਰੇਪਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਮਹਿਕਦੀਪ, ਦੂਜਾ ਸਥਾਨ ਆਸਥਾ ਅਤੇ ਹਨੀਸ਼ਾ ਅਤੇ ਤੀਜਾ ਸਥਾਨ ਆਸਥਾ ਧੀਰ ਅਤੇ ਜਸਨੀਤ ਕੌਰ ਨੇ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਜੱਜਾਂ ਦੀ ਭੂਮਿਕਾ ਪ੍ਰੋ. ਨੀਨਾ ਸਰੀਨ, ਪ੍ਰੋ. ਜਗਦੀਪ ਕੌਰ ਅਤੇ ਡਾ. ਦੀਪਿਕਾ ਸਿੰਗਲਾ ਨੇ ਨਿਭਾਈ।
ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਵੀ ਤਕਸੀਮ ਕੀਤੇ ਗਏ। ਕਾਲਜ ਦੇ ਐਨ.ਸੀ.ਸੀ. (ਲੜਕੀਆਂ) ਵਿਭਾਗ ਵੱਲੋਂ ਔਰਤ ਜੀਵਨ ਦੇ ਵੱਖ-ਵੱਖ ਪੱਖਾਂ ਉੱਤੇ ਆਧਾਰਿਤ ਸਕਿੱਟ ‘ਨਾਰੀ ਕਾ ਆਸਤਿਤਵ’ ਦੀ ਵੀ ਪੇਸ਼ਕਾਰੀ ਕੀਤੀ ਗਈ। ਵਿਦਿਆਰਥੀ ਅਧਿਰਾਜ ਨੇ ਆਪਣੀ ਕਾਵਿ ਰਚਨਾ ਰਾਹੀਂ ਹਾਜ਼ਰੀ ਲਵਾਈ। ਸਟੇਜ ਪ੍ਰਬੰਧਨ ਦੀ ਜ਼ਿੰਮੇਵਾਰੀ ਡਾ. ਹਰਮੋਹਨ ਸ਼ਰਮਾ ਨੇ ਨਿਭਾਈ। ਸਮਾਗਮ ਦੇ ਅੰਤ ਵਿੱਚ ਧੰਨਵਾਦ ਦਾ ਮਤਾ ਕਾਲਜ ਬਰਸਰ ਡਾ. ਗਣੇਸ਼ ਸੇਠੀ ਵੱਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ, ਪ੍ਰੋ. ਜਗਦੀਪ ਕੌਰ ਅਤੇ ਡਾ. ਵੀਨੂ ਜੈਨ, ਪ੍ਰੋ. ਗੁਰਪ੍ਰੀਤ ਕੌਰ ਵੀ ਮੌਜੂਦ ਸਨ।